Monday, June 1, 2015

Pagg

ਸਾਨੂ ਪੱਗ ਨੇ ਵਖਰੀ ਸ਼ਾਨ ਦਿੱਤੀ
ਪੱਗ ਕਰਕੇ ਮਿਲੀਆਂ ਸਰਦਾਰੀਆਂ ਨੇ
ਨਿਰਾ ਕਪੜੇ ਦਾ ਨਹੀ ਟੁਕੜਾ ਇਹ 
ਕਦਰਾਂ ਕੀਮਤਾਂ ਵਿਚ ਸ਼ੁਮਾਰੀਆਂ ਨੇ 

ਪੱਗ ਨਾਲ ਹੀ ਵਖਰਾ ਟੌਰ ਜਾਪੇ 
ਲਗਨ ਸੂਰਤਾਂ ਕਿੰਜ ਪਿਆਰੀਆਂ ਨੇ 
ਸਿਰ ਤੇ ਸਦਾ ਸਜਾਈ ਸੋਭਦੀ ਹੈ
ਰੰਗ ਜੇਹੜਾ ਵੀ ਦਿੱਤਾ ਲਲਾਰੀਆਂ ਨੇ   

ਪੱਗਾਂ ਵਾਲਿਆਂ ਪੱਗਾਂ ਉਛਾਲੀਆਂ ਨਹੀ 
ਪੱਗਾਂ ਖਾਤਿਰ ਵੀ ਜਾਨਾਂ ਵਾਰੀਆਂ ਨੇ 
ਪੱਗਾਂ ਉੱਤੇ ਰੰਬੀਆਂ ਵਾਰ ਕੀਤਾ 
ਸਿਰਾਂ ਉੱਤੇ ਚਲੀਆਂ ਆਰੀਆਂ ਨੇ 

ਪੱਗ ਬੜੀ ਹੈ ਅੱਜ ਬਦਨਾਮ ਕੀਤੀ 
ਆਕੜ ਖੋਰ ਅਤੇ ਅਹੰਕਾਰੀਆਂ ਨੇ 
ਅਜਕਲ ਪੱਗਾਂ ਵਾਲੇ ਪੱਗਾਂ ਲਾਹੀ ਜਾਂਦੇ 
ਪੱਗਾਂ ਪੈਰਾਂ ਦੇ ਵਿਚ ਖਿਲਾਰੀਆਂ ਨੇ 

ਪੱਗ  ਬਣੇ ਪੱਟੀ ਸੋਚ ਬਣੇ ਮਰਹਮ 
ਐਦਾਂ ਕਿਸੇ ਦੇ ਫੱਟ ਲੁਕਾਓ ਸਿਖੋ 
ਪੱਗ ਨਾਲ ਜੇ ਕਿਸੇ ਦਾ ਤਨ ਢਕ ਜਏ 
ਸਿਰੋਂ ਲਾਹਕੇ ਵੀ ਇਜ਼ਤ ਕਮਾਓ ਸਿਖੋ 

ਪੱਗ ਈਗੋ ਦਾ ਨਹੀ ਪਰਤੀਕ ਹਰਗਿਜ਼ 
ਦਾਗ ਪੱਗ ਨੂ ਐਸਾ ਨਾ ਲਾਓ ਸਿਖੋ 
ਸੂਰਤ ਵਿਚੋਂ ਸੀਰਤ ਝਲਕ ਆਵੇ 
ਐਦਾਂ ਪੱਗ ਦਾ ਮਾਨ ਵਧਾਓ ਸਿਖੋ 
'ਨੂਰ' ਪੱਗ ਦਾ ਮਾਨ ਵਧਾਓ ਸਿਖੋ  








No comments:

Post a Comment