Friday, July 10, 2015

ਵੀਰ-ਭੈਣ

ਵੀਰ  ਦੀ ਤਾਂ ਖੁਸ਼ੀ ਹੁੰਦੀ ਜੱਗ ਤੋਂ ਅਲੈਦਾ ਏ,
ਮਾਂ ਦੀ ਕੁਖੋਂ ਹੁੰਦੀ ਜਦ ਭੈਣ ਇੱਕ ਪੈਦਾ ਏ

ਭੈਣਾਂ ਨੇ ਸ਼ਿੰਗਾਰਦੀਆਂ ਘਰ ਨੂੰ ਸੰਵਾਰਦੀਆਂ,
ਭੁਖੀਆਂ ਦੁਲਾਰ ਦੀਆਂ, ਮੂਰਤਾਂ ਪਿਆਰ ਦੀਆਂ

ਨਜ਼ਰ ਨਾ ਲੱਗੇ ਇਨ੍ਹਾਂ ਸੋਹਣੀਆਂ ਸੁਨ੍ਖੀਆਂ ਨੂੰ,
ਵਿਦਾ ਕਿੰਜ ਕਰੀਏ ਜੀ ਸਾਂਭ ਸਾਂਭ ਰਖੀਆਂ ਨੂੰ

ਗੁੱਡੀਆਂ ਤਾਂ ਜੰਮਦੀਆਂ ਹੁੰਦੀਆਂ ਪਰਾਈਆਂ ਨੇ,
ਖਬਰੇ ਇਹ ਰੀਤਾਂ ਕਿਸ ਜਾਲਮ ਬਣਾਈਆਂ ਨੇ

ਆਪਣੇ ਹੀ ਘਰੋਂ ਵਿਦਾ ਹੋਣਾ ਬੜਾ ਔਖਾ ਏ,
ਨਵੇਂ ਪਰਵਾਰ ਵਿਚ ਰਹਿਣਾ ਕਿਤੇ  ਸੌਖਾ ਏ?

ਵੀਰ ਅਰਦਾਸ ਏਹੋ ਰੱਬ ਅੱਗੇ ਕਰਦਾ,
ਭੈਣ ਹੁਣ ਬਣ ਜਏ ਸ਼ਿੰਗਾਰ ਸਹੁਰੇ ਘਰ ਦਾ

ਆਪਣੇ ਹੀ ਘਰ ਵਾਂਗੂੰ ਮਹਿਕਾਂ ਰਹੇ ਵੰਡਦੀ,
ਪਾਣੀ ਨੂੰ ਮਿਠਾਸ ਜਿਵੇਂ ਦਿੰਦੀ ਡਲੀ  ਖੰਡ ਦੀ

ਵੀਰ ਕਦੇ ਮੁਖੋਂ ਭਾਂਵੇਂ ਦੱਸਕੇ ਨਾ ਕਹਿੰਦਾ ਏ,
ਭੈਣਾਂ ਲਈ  ਪਿਆਰ ਸਦਾ ਦਿਲ ਵਿਚ ਰਹਿੰਦਾ ਏ

'ਨੂਰ' ਕਦੇ ਮੁਖੋਂ ਭਾਂਵੇਂ ਦੱਸਕੇ ਨਾ ਕਹਿੰਦਾ ਏ,
ਭੈਣਾਂ ਲਈ ਪਿਆਰ ਸਦਾ ਦਿਲ ਵਿਚ ਰਹਿੰਦਾ ਏ

~'ਨੂਰ'



 

No comments:

Post a Comment