Thursday, September 28, 2017

 ਔਖਾ ਲਗਦਾ ੲੇ

ਉਠ ਸਵੇਰੇ ਬਾਣੀ ਪੜਨਾ ਔਖਾ ਲਗਦਾ ੲੇ
ਸਾਹਾਂ ਦਾ ਸ਼ੁਕਰਾਨਾ ਕਰਨਾ ਔਖਾ ਲਗਦਾ ੲੇ

ਕਰ ਅਰਦਾਸਾਂ ਝੱਟ ਮੁਰਾਦਾਂ ਪੂਰਨ ਕਰ ਲੈਨੈਂ
ਗੁਰ ਦਰ ਤੇ ਇਕ ਡਾਲਰ ਧਰਨਾ ਔਖਾ ਲਗਦਾ ੲੇ

ਯਾਦ ਸ਼ਹੀਦਾਂ ਨੂੰ ਕਰਕੇ ਬਸ ਯਾਦ ਮਨਾ ਲੈਨੈਂ
ਆਪ ਕਿਸੇ ਲਈ ਪੈ ਜਏ ਮਰਨਾ ਔਖਾ ਲਗਦਾ ੲੇ

ਗੈਰਾਂ ਨੂੰ ਤਾਂ ਹੱਸ ਹੱਸ ਅਪਣਾ ਝੱਟ ਬਣਾ ਲੈਨੈਂ 
ਆਪਣਿਆਂ ਦੇ ਵਿੱਚ ਵਿਚਰਨਾ ਔਖਾ ਲਗਦਾ ੲੇ

ਦਰਦੇ ਦਿਲ ਤੇ ਹੰਝੂ ਦੇਣ ਲਈ ਮਾਹਰ ਹੈਂ ਤੂੰ 
ਕਿਸੇ ਲਈ ਇਕ ਹਉਕਾ ਭਰਨਾ ਔਖਾ ਲਗਦਾ ੲੇ

ਬਾਬੇ ਦੀ ਬਾਣੀ ਨੂੰ ਤਰਜ਼ਾਂ ਤੇ ਗਾ ਸੁਣ ਲੀਤਾ
ਤਰਜ਼ੇ ਜ਼ਿੰਦਗੀ ਵੈਸੀ ਕਰਨਾ ਔਖਾ ਲਗਦਾ ੲੇ

ਜਿੱਤ ਜਿੱਤ ਕੇ ਬਸ ਜਿੱਤਣ ਦੀ ਹੀ ਆਦਤ ਬਣ ਗਈ ਏ
ਜਿੱਤੀ ਹੋਈ ਬਾਜ਼ੀ ਹਰਨਾ ਔਖਾ ਲਗਦਾ ੲੇ

ਸਿਮਰਕੇ ਜਿਸਨੂੰ ਮਨ ਅੰਦਰ ਦੀ ਚਿੰਤਾ ਮੁੱਕ ਜਾਂਦੀ
ਸਾਸ ਸਾਸ ਗੋਬਿੰਦ ਸਿਮਰਨਾ ਔਖਾ ਲਗਦਾ ੲੇ

ਪੈਸੇ ਦੇ ਕੇ ਖੰਡ ਪਾਠ ਹਰ ਸਾਲ ਕਰਾ ਲੈਨੈਂ
ਸਹਿਜੇ ਸਹਿਜੇ ਆਪ ਉਚਰਨਾ ਔਖਾ ਲਗਦਾ ੲੇ

ਅਹੰਕਾਰ ਦੀ ਚੋਟੀ ਦੇ ਉੱਤੇ ਜਾ ਬੈਠਾ ਏਂ 
ਓਥੋਂ ਹੁਣ ਹੇਠਾਂ ਉਤਰਨਾ ਔਖਾ ਲਗਦਾ ੲੇ

ਵੰਨ ਸੁਵੰਨੇ ਭੋਜਨ ਖਾ ਖਾਕੇ ਵੀ ਰੱਜਦਾ ਨਈਂ
ਗੁਰਬਤ ਮਾਰੇ ਦਾ ਢਿੱਡ ਭਰਨਾ ਔਖਾ ਲਗਦਾ ੲੇ

ਸਿਰ ਉੱਤੇ ਦਸਤਾਰ ਸਜਾ ਸਰਦਾਰ ਕਹਾ ਲਈਦਾ
ਸਿਰ ਨੂੰ ਤਲੀ ਦੇ ਉੱਤੇ ਧਰਨਾ ਔਖਾ ਲਗਦਾ ੲੇ

ਖਾਣ ਨੂੰ ਮਿਠਾ ਸੁਣਨ ਨੂੰ ਮਿਠਾ ਲਗਦਾ ਏ ਚੰਗਾ
ਆਪੂੰ ਮਿੱਠਾ ਬੋਲ ਉਚਰਨਾ ਔਖਾ ਲਗਦਾ ੲੇ

ਮੇਰਾ ਹੈ ਮੇਰਾ ਸਭ ਕੁਝ ਮੈ ਸਦਾ ਸਦੀਵੀ ਹਾਂ
ਏਹੋ ਝੂਠਾ ਸੱਚ ਵਿਸਰਨਾ ਔਖਾ ਲਗਦਾ ੲੇ

'ਨੂਰ' ਇਹ ਝੂਠਾ ਸੱਚ ਵਿਸਰਨਾ ਔਖਾ ਲਗਦਾ ੲੇ

~'ਨੂਰ'

No comments:

Post a Comment